ਫਿਰੋਜ਼ਪੁਰ, (ਸੱਚੀ ਕਲਮ ਬਿਊਰੋ) : ਫਿਰੋਜ਼ਪੁਰ 'ਚ ਕੁਝ ਦਿਨ ਪਹਿਲਾਂ ਅਗਵਾ ਹੋਈ ਨਵ-ਵਿਆਹੁਤਾ ਦਾ ਮਾਮਲਾ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਮੰਗਲਵਾਰ ਨੂੰ ਅਗਵਾ ਲੜਕੀ ਦੇ ਪਤੀ ਸਤਨਾਮ ਸਿੰਘ ਨੇ ਸੈਂਕੜੇ ਲੋਕਾਂ ਨਾਲ ਮਿਲ ਕੇ ਸਾਬਕਾ ਵਿਧਾਇਕ ਤੇ ਸਾਬਕਾ ਪਾਰਲੀਮਾਨੀ ਸਕੱਤਰ ਸੁਖਪਾਲ ਸਿੰਘ ਨੰਨੂ ਦੀ ਕੋਠੀ ਦੇ ਬਾਹਰ ਧਰਨਾ ਦਿੱਤਾ ਅਤੇ ਕੋਠੀ ਦਾ ਗੇਟ ਬੰਦ ਕਰਕੇ ਤਾਲੇ ਠੋਕ ਦਿੱਤੇ। ਧਰਨਾਕਾਰੀਆਂ 'ਚ ਜ਼ਿਆਦਾਤਰ ਔਰਤਾਂ ਸਨ, ਜਿਨਾਂ ਅਕਾਲੀ-ਭਾਜਪਾ ਦੇ ਆਗੂਆਂ ਦਾ ਪਿੱਟ ਸਿਆਪਾ ਕੀਤਾ ਤੇ ਦੋਸ਼ ਲਾਏ ਕਿ ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਤੇ ਭਾਜਪਾ ਦੇ ਸੁਖਪਾਲ ਨੰਨੂ ਔਰਤਾਂ ਦਾ ਸਰੀਰਕ ਸ਼ੋਸ਼ਣ ਕਰਨ 'ਚ ਮਹਾਰਤ ਹਾਸਲ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਬਾਹਰ ਦਾ ਰਸਤਾ ਦਿਖਾਉਂਦੇ ਹੋਏ ਇਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਅਗਵਾ ਲੜਕੀ ਦੇ ਪਤੀ ਸਤਨਾਮ ਸਿੰਘ ਨੇ ਕੋਠੀ ਨੂੰ ਤਾਲੇ ਲਗਾਉਣ ਮੌਕੇ ਰੋਸ ਜਤਾਉਂਦਿਆਂ ਕਿਹਾ ਕਿ ਪੁਲਸ ਹਾਲੇ ਤੱਕ ਇਸ ਮਾਮਲੇ 'ਚ ਢਿੱਲੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਇਸ ਮਾਮਲੇ ਦੇ ਸਬੰਧ 'ਚ ਕੋਈ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ 'ਚ ਉਹ ਆਪਣੇ ਸੈਂਕੜੇ ਸਾਥੀਆਂ ਸਣੇ ਤਿੱਖਾ ਸੰਘਰਸ਼ ਕਰਨਗੇ ਅਤੇ ਨੈਸ਼ਨਲ ਹਾਈਵੇ ਨੂੰ ਜਾਮ ਕਰ ਦੇਣਗੇ। ਇਸ ਮੌਕੇ ਲੋਕਾਂ ਨੇ ਨੰਨੂ ਅਤੇ ਲੰਗਾਹ ਦੀਆਂ ਫੋਟੋਆਂ 'ਤੇ ਜੁੱਤੀਆਂ ਦੇ ਹਾਰ ਪਾ ਕੇ ਮੁਜ਼ਾਹਰਾ ਕੀਤਾ ਤੇ ਲੰਬੇ ਸਮੇਂ ਤੱਕ ਸ਼ਹਿਰ 'ਤੇ ਛਾਉਣੀ ਵਿਚਾਲੇ ਰਸਤਾ ਜਾਮ ਰੱਖਿਆ। ਸਤਨਾਮ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਸਦੀ ਪਤਨੀ ਦਾ ਪਤਾ ਲਾਇਆ ਜਾਵੇ ਅਤੇ ਉਸਦਾ ਅਪਹਰਣ ਕਰਨ ਵਾਲੇ ਸੁਖਪਾਲ ਸਿੰਘ ਨੰਨੂੰ ਨੂੰ ਗ੍ਰਿਫਤਾਰ ਕੀਤਾ ਜਾਵੇ।